ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਬਲਾਕ ਪੱਧਰ ਤੇ ਬਣਾਏ ਵਿਸ਼ੇਸ਼ ਕੇਂਦਰਾਂ ਵਿੱਚ ਜਮ੍ਹਾਂ ਕਰਵਾਈਆਂ ਜਾਣ –ਡਿਪਟੀ ਕਮਿਸ਼ਨਰ
ਸਵੇਰੇ 11:00 ਤੋਂ 3:00 ਵਜੇ ਤੱਕ ਹੀ ਕਰਵਾਏ ਜਾ ਸਕਦੇ ਹਨ ਨਾਮਜ਼ਦਗੀ ਪੱਤਰ ਦਾਖ਼ਲ
ਗਜ਼ਟਿਡ ਛੁੱਟੀਆਂ ਅਤੇ ਸ਼ਨਿਚਰ-ਐਤਵਾਰ ਨਹੀਂ ਹੋਣਗੇ ਕਾਗਜ਼ ਦਾਖ਼ਲ
ਅੰਮ੍ਰਿਤਸਰ 27 ਸਤੰਬਰ 2024 –(ਕਮਾਲ ਨਿਊਜ਼ ਬਿਊਰੋ)
ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਨੇ ਆ ਰਹੀਆਂ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਅਸੀਂ ਬਲਾਕ ਪੱਧਰ ਤੇ ਵਿਸ਼ੇਸ਼ ਕੇਂਦਰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਬਣਾਏ ਹਨ। ਜਿਥੇ ਰੋਜ਼ਾਨਾ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਅਜਨਾਲਾ ਬਲਾਕ ਦੇ ਨਾਮਜ਼ਦਗੀ ਪੱਤਰ ਸਰਕਾਰੀ ਆਈ.ਟੀ.ਆਈ ਅਜਨਾਲਾ ਵਿਖੇ ਦਾਖਲ ਕਰਵਾਏ ਜਾਣਗੇ, ਜਦਕਿ ਬਲਾਕ ਰਮਦਾਸ ਦੇ ਦਫਤਰ ਸਬ ਤਹਿਸੀਲ ਰਮਦਾਸ ਵਿਖੇ, ਜੰਡਿਆਲਾ ਗੁਰੂ ਬਲਾਕ ਦੇ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜੰਡਿਆਲਾ ਗੁਰੂ ਵਿਖੇ, ਬਲਾਕ ਵੇਰਕਾ ਦੇ ਆਈ.ਟੀ.ਆਈ, ਰਣਜੀਤ ਐਵੀਨਿਊ ਬਲਾਕ-ਏ ਅੰਮ੍ਰਿਤਸਰ ਵਿਖੇ, ਬਲਾਕ ਅਟਾਰੀ ਦੇ ਆਈ.ਟੀ.ਆਈ, ਰਣਜੀਤ ਐਵੀਨਿਊ ਬਲਾਕ-ਬੀ ਅੰਮ੍ਰਿਤਸਰ ਵਿਖੇ, ਬਲਾਕ ਮਜੀਠਾ ਦੇ ਦਫਤਰ ਉਪ ਮੰਡਲ ਮੈਜਿਸਟਰੇਟ ਮਜੀਠਾ ਵਿਖੇ, ਬਲਾਕ ਹਰਸ਼ਾਛੀਨਾ ਦੇ ਦਫਤਰ ਡਿਪਟੀ ਡਾਇਰੈਕਟਰ, ਮੱਛੀ ਪਾਲਣ ਰਾਜਾਸਾਂਸੀ ਵਿਖੇ, ਬਲਾਕ ਚੋਗਾਵਾਂ ਦੇ ਦਫਤਰ ਡਿਪਟੀ ਡਾਇਰੈਕਟਰ, ਮੱਛੀ ਪਾਲਣ ਰਾਜਾਸਾਂਸੀ ਵਿਖੇ, ਬਲਾਕ ਰਈਆ ਦੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਖੇ ਅਤੇ ਬਲਾਕ ਤਰਸਿੱਕਾ ਦੇ ਨਾਮਜਦਗੀ ਪੱਤਰ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ, ਗੁਰੂ ਕੀ ਬੇਰ ਵਿਖੇ ਦਾਖਲ ਕਰਵਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਜ਼ਟਿਡ ਛੁੱਟੀਆਂ ਅਤੇ ਪਬਲਿਕ ਹੋਲੀਡੇ ਭਾਵ ਸ਼ਨਿਚਰ-ਐਤਵਾਰ ਨੂੰ ਕਾਗਜ਼ ਦਾਖਲ ਨਹੀਂ ਕਰਵਾਏ ਜਾ ਸਕਦੇ। ਉਨਾਂ ਕਿਹਾ ਕਿ ਇਸ ਲਈ 27 ਸਤੰਬਰ, 30 ਸਤੰਬਰ, 1 ਅਕਤੂਬਰ ਅਤੇ 4 ਅਕਤੂਬਰ ਦਾ ਦਿਨ ਹੀ ਨਾਮਜ਼ਦਗੀ ਦਾਖਲ ਹੋਣਗੇ। ਸਾਰੇ ਉਮੀਦਵਾਰ ਇਨ੍ਹਾਂ ਦਿਨਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣੇ ਕਾਗਜ਼ ਦਾਖਲ ਕਰਵਾਉਣ।