ਨਵੀਂ ਵੋਟ ਬਣਾਉਣ ਲਈ ਫਾਰਮ 6 ਭਰਿਆ ਜਾਵੇ
ਅੰਮ੍ਰਿਤਸਰ 3 ਸਤੰਬਰ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਤਹਿਤ ਬੀ.ਐਲ.ਓਜ. ਵੱਲੋਂ ਘਰ-ਘਰ ਸਰਵੇਖਣ ਕਰਦੇ ਹੋਏ ਯੋਗ ਵੋਟਰਾਂ ਦੀ ਵੋਟਰ ਸੂਚੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾਂ ਚੋਣ ਅਫਸਰ ਸ਼੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਦੌਰਾਨ ਜਿਲ੍ਹੇ ਦੇ ਯੋਗ ਵੋਟਰ, ਜਿਸ ਨੇ ਆਪਣੇ ਵੋਟਰ ਕਾਰਡ ਦੇ ਵੇਰਵੇ ਵਿੱਚ ਦਰੁੱਸਤੀ ਕਰਵਾਉਣੀ ਹੈ, ਜਿਵੇਂ ਕਿ ਆਪਣੀ ਫੋਟੋ, ਘਰ ਦਾ ਪਤਾ, ਨਾਮ, ਉਮਰ ਵਿੱਚ ਦਰੁਸਤੀ ਦੀ ਲੋੜ ਹੈ ਤਾਂ ਉਹ ਫਾਰਮ 8 ਭਰ ਸਕਦਾ ਹੈ। ਨਵੀਂ ਵੋਟ ਬਣਾਉਣ ਲਈ ਫਾਰਮ 6 ਭਰਿਆ ਜਾ ਸਕਦਾ ਹੈ। ਵੋਟ ਕੱਟਵਾਉਣ ਲਈ ਫਾਰਮ 7 ਭਰ ਕੇ ਬੀ.ਐਲ.ਓਜ ਨੂੰ ਦਿੱਤਾ ਜਾ ਸਕਦਾ ਹੈ। ਉਨਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਘਰ ਘਰ ਦੇ ਸਰਵੇਖਣ ਵਿੱਚ ਬੀ.ਐਲ.ਓਜ ਨੂੰ ਪੂਰਨ ਤੌਰ ਤੇ ਸਹਿਯੋਗ ਦੇਣ ਅਤੇ ਆਪਣੀ ਵੋਟ ਦੇ ਵੇਰਵੇ ਦਰੁਸਤ ਕਰਵਾਉਣ।